ਪੰਜਾਬੀ  ਹੈਰਲਡ
Punjabi  Herald Online Punjabi News Website
"Assume a Virtue, if you have it not."NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH
ਮੁੱਖ ਸੰਪਾਦਕ: ਹਰਜਿੰਦਰ ਸਿੰਘ ਬਸਿਆਲਾ 7:13 AM, ਮੰਗਲਵਾਰ 20 ਮਾਰਚ, 2018 ਨਾਨਕਸ਼ਾਹੀ ਸੰਮਤ 547 ਫੋਨ: 0064 21 02539830

ਧਰਮ

ਅਸੀ ਸਿੱਖ ਵੀ ਹਾ ਜਾ................? ਸੌਦਾਗਰ ਸਿੰਘ ਬਾਡ਼ੀਆ।

ਗੁਰੂ ਨਾਨਕ ਦੇਵ ਜੀ ਮਨੁੱਖਤਾ ਨੂੰ ਇੱਕ ਲਡ਼ੀ ਵਿੱਚ ਪ੍ਰੋਣ ਦਾ ਸੁਫ਼ਨਾ ਲੈ ਕੈ ਤੁਰੇ ਸਨ ਤੇ ਆਪਣੇ ਸੁਫ਼ਨੇ ਨੂੰ ਪੂਰਾ ਕਰਦਿਆ ਹੀ ਸਾਰਾ ਜੀਵਨ ਮਨੁੱਖਤਾ ਦੇ ਲੇਖੇ ਲਾ ਦਿੱਤਾ।ਗੁਰੂ ਜੀ ਦੇ ਇਸ ਸੁਫ਼ਨੇ ਨੂੰ ਪੂਰਾ ਹੋਣ ਨੂੰ ਦੋ ਸੌ ਉਨਤਾਲੀ ਸਾਲ ਦਾ ਸਮਾ ਲੱਗਿਆ।ਇਸ ਖਾਬ ਨੂੰ ਅਸਲੀ ਜਾਮਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜ ਕੇ ਪਹਿਨਾਇਆ।ਗੁਰੂ ਜੀ ਨੇ ਸਿੰਘ ਨੂੰ ਇੰਨਾ ਸੱਚਾ ਸੁੱਚਾ ਜੀਵਨ ਦਿੱਤਾ, ਸਿੰਘ ਜੱਗ ਲਈ ਇੱਕ ਮਸਾਲ ਹੀ ਬਣ ਗਏ।ਇਤਿਹਾਸ ਨੂੰ ਵਾਚਿਆ ਪਤਾ ਲਗਦਾ ਜੇ ਸਿੰਘ ਅਦਾਲਤ ਵਿੱਚ ਜਾ ਕਿਸੇ ਦੇ ਹੱਕ ਵਿੱਚ ਗਵਾਹੀ ਦੇ ਦੇਵੇ ਤਾ ਜੱਜ ਬਿਨ੍ਹਾ ਕਿਸੇ ਅਪੀਲ ਦਲੀਲ ਕੀਤੇਆ ਉਸ ਵਿਅਕਤੀ ਦੇ ਹੱਕ ਵਿੱਚ ਫ਼ੈਸਲਾ ਦੇ ਦਿੰਦਾ ਸੀ।ਇੰਡੀਆ ਵਿੱਚ ਹੀ ਨਹੀ ਬਾਹਰਲੇ ਦੇਸ਼ਾ ਵਿੱਚ ਵੀ ਸਿੰਘ ਤੇ ਇੰਨਾ ਹੀ ਵਿਸ਼ਵਾਸ ਕੀਤਾ ਜਾਦਾ ਸੀ।ਜੇ ਸਵੇਰੇ-ਸਵੇਰੇ ਘਰੋ ਨਿਕਲਦਿਆ ਜੇ ਸਿੰਘ ਮੱਥੇ ਲੱਗ ਜਾਵੇ ਤਾ ਉਸ ਦਿਨ ਨੂੰ ਸ਼ੁਭ ਸਮਝਿਆ ਜਾਦਾ ਸੀ।ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਿੰਘ ਸਾਜਿਆ ਸੀ,ਇੱਕ ਸੋਚ ਸੀ,ਇੱਕ ਪਹਿਰਾਵਾ ਸੀ,ਇੱਕੋ ਕਹਿਣੀ ਕਰਨੀ ਸੀ।ਪਰ ਅੱਜ ਸਭ ਕੁਝ ਬਦਲ ਗਿਆ।ਜੇ ਸਭ ਕੁਝ ਇੱਕੋ ਜਿਹਾ ਸੀ ਤਾ ਸਾਡੇ ਵਿੱਚ ਇਹ ਵਖਰੇਵੇ ਕਿੱਥੋ ਆ ਗਏ, ਕਿਉ ਆ ਗਏ ਤੇ ਕਿਉ ਆ ਰਹੇ ਹਨ।ਇਹਨਾ ਵਖਰੇਵਿਆ ਨੇ ਸਾਨੂੰ ਆਪਸ ਵਿੱਚ ਹੀ ਇੰਨਾ ਉਲਝਾ ਕੇ ਰੱਖ ਦਿੱਤਾ।ਜਿਸ ਨਾਲ ਸਿੱਖੀ ਨੂੰ ਜਿਹਡ਼ੀ ਢਾਹ ਲੱਗੀ ਆ ਉਹ ਲਗਦੀ ਹੀ ਜਾ ਰਹੀ ਹੈ।ਪਰ ਅਸੀ ਅੱਖਾ ਉੱਜ਼ ਹੀ ਮੀਟ ਰੱਖੀਆ ਹਨ । ਅੱਜ ਇੱਕ ਸਵਾਲ ,ਸਵਾਲ ਕਰਦਾ ਕੀ ਅਸੀ ਗੁਰੂ ਗੋਬਿੰਦ ਸਿੰਘ ਜੀ ਦੇ ਉਹੀ ਸਿੰਘ ਜਾ ਫਿਰ.......................? ਗੁਰੂ ਜੀ ਨੇ ਇੱਕ ਸਿੰਘ ਸਾਜਿਆ ਸੀ ਉਸ ਦਾ ਇੱਕ ਪਹਿਰਾਵਾ ,ਇੱਕ ਸੋਚ,ਇੱਕੋ ਕਹਿਣੀ ਕਰਨੀ ਤੇ ਇੱਕ ਗੁਰੂ ਗ੍ਰੰਥ ਸਾਹਿਬ ਦਿੱਤਾ।ਪਰ ਅਸੀ ਆਪਣੀਆ ਹੀ ਰਾਹਾ ਚਲਾ ਕੇ ਸਿੱਖੀ ਨਾਲ ਖਿਲਵਾਡ਼ ਕਰਦੇ ਜਾ ਰਹੇ ਹਾ। ਗੁਰੂ ਜੀ ਨੇ ਸਿੰਘ ਨੂੰ ਸ਼ਾਸਤਰ ਦੇ ਤੋਰ ਤੇ ਕਿ੍ਪਾਨ ਦਿੱਤੀ ਸੀ ਉਸ ਦੀ ਲੰਬਾਈ ਕੋਈ ਨੋ ਇੰਚ ਮੰਨੀ ਜਾਦੀ ਸੀ ਪਰ ਅੱਜ ਦੋ ਇੰਚ ਤੋਂ ਤੇਹਰਾ ਇੰਚ ਤੱਕ ਚਲਦੀ ਆ।ਅੱਜ ਅਮਿ੍ਤ ਪਾਨ ਕਰਵਾਉਣ ਦੀ ਵਿਧੀ ਤਾ ਇੱਕ ਹੈ ਪਰ ਪਹਿਰਾਵਾ,ਕੰਕਾਰ,ਨਿਤਨੇਮ ਦੀਆ ਬਾਣੀਆ,ਰਹਿਤ ਮਰਿਆਦਾ ਉਸ ਅ੍ਰਮਿਤ ਪਾਨ ਕਰਾਉਣ ਵਾਲੀ ਸੰਸਥਾ ਆਪਣੀ ਹੀ ਨਿਧਾਰਿਤ ਕਰਦੀ ਹੈ।ਜੋ ਸੰਪਰਤਾ ਪੋਥੀ ਸਾਹਿਬ ਛਪਾਉਦੇ ਹਨ ਜਾ ਛਾਪਦੇ ਉਹ ਨਿਤਨੇਮ ਦੀਆ ਬਾਣੀਆ,ਅਰਦਾਸ ਆਪਣੇ ਵਲੋਂ ਚਲਾਈ ਜਾ ਰਹੀ ਆ ਉਹ ਉਸ ਦੇ ਮੁਤਾਬਿਕ ਹੀ ਹੁੰਦੀ ਆ।ਜਿੰਨੇ ਵੀ ਪੋਥੀ ਸਾਹਿਬ ਲੈ ਲਉ ਸਾਰਿਆ ਵਿੱਚ ਸੰਸਥਾਵਾ ਦੀ ਆਪਣੀ ਮਰਿਆਦਾ ਹੁੰਦੀ ਆ। ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਵਾ ਲੈਣ ਲਈ ਵੀ ਆਪਣੀਆ ਹੀ ਧਾਰਨਾਵਾ ਹਨ।ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਵਾ ਲੈਣ ਵਾਲੇ ਸਾਡੇ ਗ੍ਰੰਥੀ ਸਿੰਘ ਦੀ ਸੋਚ ਤੇ ਨਿਰਭਰ ਕਰਦਾ ਹੈ ਕਿ ਉਹ ਕਿਵੇ ਹੁਕਮਨਾਵਾ ਲੈਦਾ ਹੈ। ਉਹ ਗ੍ਰੰਥੀ ਸਿੰਘ ਆਪਣੀ ਹੀ ਸੋਚ ਮੁਤਾਬਿਕ ਆਪਣੀ ਰਹਿਤ ਮਰਿਆਦਾ ਤਿਆਰ ਕਰ ਕੇ ਉਸ ਇਲਾਕੇ ਵਿੱਚ ਪ੍ਰਚਿਲਤ ਕਰ ਲੈਦਾ ਹੈ। ਅਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਚਾਰਨ ਵੀ ਆਪਣੀ ਮਰਜ਼ੀ ਨਾਲ ਹੀ ਕਰਦੇ ਹਾ।ਜਿਸ ਤਰਾ ਅਰਦਾਸ ਕਰਨ ਤੋਂ ਪਹਿਲਾ ਇੱਕ ਸ਼ਬਦ ਬੋਲਦੇ ਹਾ ਉਹ ਸ਼ਬਦ ਸੁਖਮਨੀ ਸਾਹਿਬ ਦੀ ਚੋਥੀ ਅਸਟਪਤੀ ਵਿੱਚੋ ਹੈ ਜਿਸ ਵਿੱਚ ਸਾਰੇ 'ਨ' ਹਨ ਪਰ ਅਸੀ ਣਾਣੇ ਹੀ ਬੋਲੀ ਜਾਦੇ ਹਾ।ਇੱਕ ਸ਼ਬਦ ਸਰਬੱਤ ਦਾ ਭਲਾ ਉਸ ਨੂੰ ਸਰਬੱਤ ਕਾ ਭਲਾ ਬੋਲੀ ਜਾਦੇ ਹਾ।ਇਸੇ ਤਰ੍ਹਾ ਆਸਾ ਦੀ ਵਾਰ ਤੇ ਤਬੀ ਚਲਾਇਉ ਪੰਥ।ਇਸ ਤਰ੍ਹਾ ਹੋਰ ਵੀ ਕਈ ਸ਼ਬਦ ਹਨ ਜਿਹਨਾ ਦਾ ਅਸੀ ਗਲਤ ਉਚਾਰਨ ਹੀ ਕਰੀ ਜਾ ਰਹੇ ਹਾ।ਇੱਕ ਹੋਰ ,ਸ੍ਰੀ ਸ਼ਬਦ ਦੀ ਵਰਤੋ ਬਿਨ੍ਹਾ ਲੋਡ਼ ਤੋਂ ਹੀ ਕਰੀ ਜਾ ਰਹੇ ਹਾ।ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਸ੍ਰੀ ਸ਼ਬਦ ਦੀ ਵਰਤੋ ਹੋਈ ਹੈ ਉਹ ਤਾ ਠੀਕ ਹੈ ਪਰ ਅਸੀ ਕਈ ਥਾ ਥੱਕੇ ਨਾਲ ਹੀ ਲਾਈ ਜਾ ਰਹੇ ਹਾ। ਸਾਡੇ ਮੱਥਾ ਟੇਕਣ ਵਿੱਚ ਵੀ ਵੱਖਰੀਆ-ਵੱਖਰੀਆ ਧਾਰਨਾਵਾ ਪ੍ਰਚਿਲਤ ਹੋ ਗਈਆ ਹਨ।ਗੁਰੂ ਜੀ ਦੀ ਹਜ਼ੂਰੀ ਮੱਥਾ ਟੇਕਣ ਲੱਗਿਆ ਕਿਸੇ ਦੇ ਹੱਥ ਸਿੱਧੇ ਕਿਸੇ ਦੇ ਪੁੱਠੇ ,ਕਿਸੇ ਦੀਆ ਮੁਢੀਆ ਮੀਟੀਆ,ਕਿਸੇ ਹੱਥ ਵੱਖੀ ਭਰ ਤੇ ਕਿਸੇ ਦੇ ਹੱਥ ਮੱਥੇ ਥੱਲੇ। ਕਈਆ ਨੂੰ ਤਾ ਮੱਥਾ ਟੇਕਦਿਆ ਤਾ ਹੈਰਾਨੀ ਹੋ ਜਾਦੀ ਆ ਜਦੋ ਉਹ ਮੱਥਾ ਟੇਕ ਕੇ ਹੱਥ ਪਹਿਲਾ ਛਾਤੀ ਨੂੰ ਲਾਉਦੇ ਫਿਰ ਅੱਖਾ ਨੂੰ ਫਿਰ ਬੁੱਲ੍ਹਾ ਨੂੰ।ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇਗ ਨੂੰ ਭੋਗ ਲਗਾਉਣ ਦੇ ਵੀ ਆਪਣੇ ਤਰੀਕੇ ਹੀ ਆਯਾਤ ਕਰ ਲਏ ਹਨ। ਅੱਜ, ਤੇ ਕਲ ਦੀ ਸਿੱਖੀ ਵਿੱਚ ਬਹੁਤ ਵੱਡਾ ਅੰਤਰ ਆ ਗਿਆ ਹੈ।ਅੱਜ ਤੇ ਕਲ ਦੀ ਸਿੱਖੀ ਵਿੱਚ ਆਏ ਪਾਡ਼ੇ ਨੂੰ ਭਰਨਾ ਮੁਸ਼ਕਲ ਹੈ।ਅੱਜ ਸਿੱਖੀ ਦਿਖਾਵੇ ਤੇ ਖੋਖਲੇ ਅਦਰਸ਼ਾ ਵਾਲੀ ਬਣ ਕੇ ਰਹਿ ਗਈ ਹੈ।ਅੱਜ ਅਸੀ ਐਵੇ ਡੀਂਗਾ ਮਾਰਦੇ ਫਿਰਦੇ ਅਸੀ ਇਹ ਕਰਤਾ ,ਓ ਕਰਤਾ ਅਸੀ ਆਪਣੇ ਇਸ ਪੀਡ਼ੀ ਨੂੰ ਮੱਥਾ ਟੇਕਣਾ ਤਾ ਦੱਸ ਨੀ ਸਕੇ ਹੋਰ ਅਸੀ ਕੀ ਕਰਨਾ।ਅੱਜ ਇਹ ਗੱਲਾ ਭਾਵੇਂ ਛੋਟੀਆ ਹਨ ਇਸ ਨਾਲ ਅੱਜ ਫ਼ਰਕ ਵੀ ਕੋਈ ਨੀ ਪੈਣਾ ਪਰ ਅੱਜ ਤੱਕ ਜੋ ਪਾਡ਼ੇ ਸਾਡੇ ਵਿੱਚ ਪਏ ਹਨ ਓ ਇਹਨਾ ਛੋਟੀਆ ਗੱਲਾ ਦੀ ਹੀ ਬਦੋਲਤ ਪਏ ਹਨ ।ਜੇ ਅਸੀ ਸੱਚੇ ਸਿੱਖ ਹਾ ਤੇ ਸਿੱਖੀ ਦਾ ਪ੍ਰਚਾਰ ਕਰਨਾ ਚਾਹੁੰਦੇ ਹਾ ਤਾ ਇਹ ਚੋਧਰਾ ਲਈ ਆਪਣੇ ਅਸੂਲ ਬਣਾਉਦੇ ਫਿਰਦੇ ਹਾ ਉਹ ਛੱਡ ਦਈਏ ਤੇ ਗੁਰੂ ਗੋਬਿੰਦ ਸਿੰਘ ਦੀ ਵਲੋਂ ਬਖਸ਼ੀ ਸਿੱਖੀ ਤੇ ਪਹਿਰਾ ਦਈਏ।ਅਸੀ ਇੱਕ ਸੀ ਤੇ ਇੱਕ ਹੋ ਜਾਈਏ ਨਹੀ ਤਾ ਸਾਨੂੰ ਮਾਰਨ ਲਈ ਕਿਸੇ ਬਾਹਰਲੇ ਦੀ ਲੋਡ਼ ਨੀ ਪੈਣੀ।


ਮਨੁੱਖਤਾ ਦੇ ਰਹਿਬਰ- ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ

News Photo

ਸਿੱਖ ਧਰਮ ਦੀ ਸਥਾਪਨਾ ਹੱਕ, ਸੱਚ, ਨਿਆਂ ਅਤੇ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਦੇ ਉਦੇਸ਼ ਨੂੰ ਲੈ ਕੇ ਕੀਤੀ ਗਈ ਸੀ। ਇਸੇ ਲਈ ਸਮੇਂ ਦੀਆਂ ਜਾਬਰ ਹਕੂਮਤਾਂ ਵਿਰੁੱਧ ਗੁਰੂ ਸਾਹਿਬਾਨ ਨੇ ਆਵਾਜ਼ ਉਠਾਈ ਅਤੇ ਸ਼ਹਾਦਤਾਂ ਦਿੱਤੀਆਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖੀ ਸਿਧਾਂਤਾਂ ਦੀ ਪੂਰਤੀ ਲਈ ਉਸ ਵਕਤ ਹਿੰਦੁਸਤਾਨ ਵਿਚ ਸਮੇਂ ਦੀ ਮੁਗ਼ਲ ਸਰਕਾਰ ਵੱਲੋਂ ਆਮ ਨਾਗਰਿਕਾਂ ਖਾਸ ਕਰਕੇ ਹਿੰਦੂ ਜਨਤਾ ਉੱਤੇ ਧਰਮ ਦੇ ਨਾਂਅ ਉੱਪਰ ਹੋ ਰਹੇ ਜ਼ੁਲਮ ਵਿਰੁੱਧ ਧਰਮ ਯੁੱਧ ਸ਼ੁਰੂ ਕਰਨ ਦਾ ਇਹ ਇਕ ਅਹਿਮ ਐਲਾਨ ਸੀ : ਅਵਰ ਵਾਸਨਾ ਨਾਹਿ ਕਿਛੁ ਧਰਮ ਯੁਧ ਕੇ ਚਾਇ, ਧਰਮ ਯੁੱਧ ਦੀ ਨੀਤੀ ਦਾ ਆਧਾਰ ਬਣਾਇਆ ਇਸ ਸਿਧਾਂਤ ਨੂੰ ਕਿ : 'ਚੂੰਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ, ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ,' ਭਾਵ ਹਰ ਪ੍ਰਕਾਰ ਦੇ ਸ਼ਾਂਤਮਈ ਸੰਵਾਦ ਦੇ ਹੀਲੇ ਸਮਾਪਤ ਹੋਣ ਉਪਰੰਤ ਹੱਥ ਵਿਚ ਸ਼ਮਸ਼ੀਰ ਪਕੜਨੀ ਚਾਹੀਦੀ ਹੈ। ਦਰਅਸਲ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਿਆ ਕਿ ਧਰਮ ਦੀ ਰੱਖਿਆ ਖ਼ਾਤਰ ਜ਼ੁਲਮੀ ਤਲਵਾਰ ਨੂੰ ਸਿਰ ਦਿੱਤਾ ਜਾਵੇ ਜਾਂ ਜ਼ੁਲਮ ਦਾ ਮੁਕਾਬਲਾ ਤਲਵਾਰ ਨਾਲ ਕੀਤਾ ਜਾਵੇ? ਸੋਚ-ਵਿਚਾਰ ਮਗਰੋਂ ਉਨ੍ਹਾਂ 'ਬ ਸ਼ਮਸ਼ੀਰ ਦਸਤ' ਦਾ ਰਾਹ ਚੁਣਿਆ ਅਤੇ ਖਾਲਸੇ ਦੀ ਸਿਰਜਣਾ ਕੀਤੀ। ਇਸ ਤੋਂ ਪਹਿਲਾਂ ਹਿੰਦੁਸਤਾਨ ਦੇ ਇਤਿਹਾਸ ਵਿਚ ਧਰਮ ਦੀ ਰੱਖਿਆ ਵਾਸਤੇ ਸ਼ਸਤਰਾਂ ਦੇ ਉਪਯੋਗ ਦਾ ਕੋਈ ਇਤਿਹਾਸਕ ਹਵਾਲਾ ਨਹੀਂ ਮਿਲਦਾ। ਭਾਰਤ ਦੇ ਲੋਕਾਂ ਦੇ ਦਿਲਾਂ ਵਿਚ ਧਾਰਮਿਕ ਆਜ਼ਾਦੀ ਲਈ ਯੁੱਧ ਕਰਨ ਦੀ ਭਾਵਨਾ, ਸਿੱਖ ਧਰਮ ਵਿਚ ਆਈ ਇਸ ਨਵੀਂ ਕ੍ਰਾਂਤੀ ਦੁਆਰਾ ਹੀ ਉਤਪੰਨ ਹੋਈ। ਸਿੱਖਾਂ ਨੇ ਇਸ ਦੀ ਅਗਵਾਈ ਵੀ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੇ ਗਏ ਖਾਲਸੇ ਨੇ ਹੱਕ-ਸੱਚ ਖ਼ਾਤਰ ਜਾਬਰ ਮੁਗ਼ਲ ਸਾਮਰਾਜ ਨਾਲ ਹਥਿਆਰਬੰਦ ਯੁੱਧਾਂ ਵਿਚ ਜਿੱਤਾਂ ਪ੍ਰਾਪਤ ਕੀਤੀਆਂ। ਸਦੀਆਂ ਤੋਂ ਬੁਜ਼ਦਿਲ ਅਤੇ ਕਾਇਰ ਸਮਝੇ ਜਾਂਦੇ ਅਖੌਤੀ ਨੀਵੀਆਂ ਜਾਤਾਂ ਦੇ ਲੋਕਾਂ ਨੇ ਵੀ ਖੰਡੇ-ਬਾਟੇ ਦੀ ਪਾਹੁਲ ਛਕ ਕਹਿੰਦੇ-ਕਹਾਉਂਦੇ ਲੜਾਕੂਆਂ ਨੂੰ ਜੰਗਾਂ ਵਿਚ ਕਰਾਰੀ ਹਾਰ ਦਿੱਤੀ। ਸਤਿਗੁਰਾਂ ਦਾ ਧਰਮ ਯੁੱਧ ਕਿਸੇ ਜਾਤ ਜਾਂ ਮਜ਼੍ਹਬ ਵਿਰੁੱਧ ਨਹੀਂ ਸੀ, ਬਲਕਿ ਹਰ ਤਰ੍ਹਾਂ ਦੇ ਅਨਿਆਂ ਦੇ ਵਿਰੁੱਧ ਸੀ। ਪਾਤਸ਼ਾਹ ਤਾਂ ਖੁਦ ਅਕਾਲ ਉਸਤਤ ਵਿਚ ਫ਼ਰਮਾਉਂਦੇ ਹਨ : 'ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ, ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ,' 'ਦੇਹੁਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ, ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ,' ਪੰਥ ਦੇ ਵਾਲੀ ਦਸਮੇਸ਼ ਪਿਤਾ ਦਾ ਪ੍ਰਕਾਸ਼ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਪੋਹ ਸੁਦੀ ਸੱਤਵੀਂ ਮੁਤਾਬਿਕ 1666 ਈ: ਨੂੰ ਪਟਨਾ ਸ਼ਹਿਰ (ਬਿਹਾਰ) ਵਿਖੇ ਹੋਇਆ : ਤਹੀ ਪ੍ਰਕਾਸ ਹਮਾਰਾ ਭਯੋ£ ਪਟਨਾ ਸਹਰ ਬਿਖੈ ਭਵ ਲਯੋ£ ਇਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਢਾਕਾ, ਬੰਗਾਲ ਤੇ ਅਸਾਮ ਆਦਿ ਦੇ ਇਲਾਕਿਆਂ ਵਿਚ ਸਿੱਖ ਧਰਮ ਦੇ ਪ੍ਰਚਾਰ ਹਿਤ ਗਏ ਹੋਏ ਸਨ। ਦਸਮੇਸ਼ ਪਿਤਾ ਦੇ ਪਹਿਲੇ ਪੰਜ ਕੁ ਸਾਲ ਪਟਨੇ ਵਿਚ ਹੀ ਬੀਤੇ ਅਤੇ ਉਥੇ ਹੀ ਆਪ ਜੀ ਦੀ ਵਿੱਦਿਆ ਆਦਿ ਦੇ ਪ੍ਰਬੰਧ ਕੀਤੇ ਗਏ। ਆਪ ਜੀ ਨੂੰ ਗੁਰਮੁਖੀ ਅਤੇ ਗੁਰਬਾਣੀ ਦੀ ਵਿੱਦਿਆ ਦੇ ਨਾਲ-ਨਾਲ ਘੋੜਸਵਾਰੀ, ਨੇਜ਼ਾਬਾਜ਼ੀ, ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਆਦਿ ਦੀ ਵੀ ਮੁੱਢਲੀ ਸਿਖਲਾਈ ਦਿੱਤੀ ਗਈ। ਪਟਨਾ ਸ਼ਹਿਰ ਦੇ ਇਕ ਬ੍ਰਾਹਮਣ ਸ਼ਿਵਦੱਤ ਨੇ ਆਪ ਜੀ ਦੇ ਬਾਲ-ਚੋਜ ਦੇਖ ਕੇ ਆਪ ਜੀ ਪ੍ਰਤੀ ਸਤਿਕਾਰ ਅਤੇ ਪਿਆਰ ਪ੍ਰਗਟ ਕੀਤਾ। ਮੁਸਲਮਾਨ ਸੱਯਦ ਪੀਰ ਭੀਖਣ ਸ਼ਾਹ ਨੇ ਵੀ ਆਪ ਜੀ ਦੇ ਪਹਿਲੀ ਨਜ਼ਰੇ ਦਰਸ਼ਨ ਕਰਦਿਆਂ ਸਿਜਦਾ ਕੀਤਾ ਸੀ। ਪਟਨੇ ਵਿਖੇ ਹੀ ਰਾਜਾ ਫ਼ਤਹਿ ਚੰਦ ਮੈਣੀ ਅਤੇ ਉਸ ਦੀ ਰਾਣੀ ਦਸਮੇਸ਼ ਪਿਤਾ ਜੀ ਦੇ ਸ਼ਰਧਾਲੂ ਬਣ ਗਏ ਅਤੇ ਗੁਰੂ ਸਾਹਿਬ ਦੀ ਚਰਨ-ਛੋਹ ਨਾਲ ਮਹੱਲ ਪਵਿੱਤਰ ਹੋ ਗਿਆ ਜੋ ਅੱਜਕਲ੍ਹ 'ਮੈਣੀ ਸੰਗਤ' ਗੁਰਦੁਆਰਾ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਪਟਨਾ ਸਾਹਿਬ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਆ ਗਏ। ਇਥੇ ਹੀ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਆਪ ਜੀ ਨੇ ਖੁਦ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਜ਼ਲੂਮਾਂ ਦੀ ਰੱਖਿਆ ਖ਼ਾਤਰ ਕੁਰਬਾਨੀ ਦੇਣ ਲਈ ਦਿੱਲੀ ਨੂੰ ਤੋਰਿਆ। ਧਰਮਾਂ ਦੇ ਇਤਿਹਾਸ ਵਿਚ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ, ਜਦੋਂ ਕਿਸੇ ਮਹਾਂਪੁਰਸ਼ ਵੱਲੋਂ ਕਿਸੇ ਦੂਜੇ ਧਰਮ ਦੇ ਅਕੀਦਿਆਂ ਦੀ ਸਲਾਮਤੀ ਲਈ ਆਪ ਸੈਂਕੜੇ ਮੀਲ ਪੈਦਲ ਜਾ ਕੇ ਆਪਾ ਵਾਰਿਆ ਹੋਵੇ, ਕਿਸੇ ਨੇ ਠੀਕ ਲਿਖਿਆ ਹੈ : 'ਜਿਸ ਧਜ ਸੇ ਕੋਈ ਮਕਤਲ ਮੇ ਗਇਆ ਵੋਹ ਸ਼ਾਨ ਸਲਾਮਤ ਰਹਿਤੀ ਹੈ।' ਨੌਵੀਂ ਨਾਨਕ-ਜੋਤਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਾਲ (ਗੁਰੂ) ਗੋਬਿੰਦ ਰਾਏ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਕੇ ਤਿਲਕ-ਜੰਝੂ ਦੀ ਰੱਖਿਆ ਲਈ ਮਹਾਨ ਬਲੀਦਾਨ ਦਿੱਤਾ। ਨੌਵੇਂ ਸਤਿਗੁਰਾਂ ਦੀ ਸ਼ਹਾਦਤ ਉਪਰੰਤ ਦਸਮੇਸ਼ ਪਿਤਾ ਦੇ ਸੰਘਰਸ਼ਮਈ ਜੀਵਨ ਦਾ ਆਰੰਭ ਹੋਇਆ। ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮੇਸ਼ ਪਿਤਾ ਨੇ ਪੰਜਾਬੀ ਤੇ ਹਿੰਦੀ ਤੋਂ ਇਲਾਵਾ ਸੰਸਕ੍ਰਿਤ ਅਤੇ ਫ਼ਾਰਸੀ ਆਦਿ ਭਾਸ਼ਾਵਾਂ ਦਾ ਗਿਆਨ ਵੀ ਹਾਸਲ ਕੀਤਾ ਅਤੇ ਬੀਰਰਸ ਭਰਪੂਰ ਬਾਣੀ ਦੀ ਰਚਨਾ ਵੀ ਕੀਤੀ। ਸਮੇਂ ਦੀ ਜਾਬਰ ਹਕੂਮਤ ਦੇ ਇਸ ਐਲਾਨ ਕਿ ਕੋਈ ਗੈਰ-ਮੁਸਲਿਮ ਘੋੜਸਵਾਰੀ ਨਹੀਂ ਕਰ ਸਕਦਾ, ਨਗਾਰਾ ਨਹੀਂ ਵਜਾ ਸਕਦਾ, ਸ਼ਸਤਰ ਨਹੀਂ ਧਾਰਨ ਕਰ ਸਕਦਾ, ਦੀ ਚੁਣੌਤੀ ਸਵੀਕਾਰ ਕਰਦਿਆਂ ਕਿਹਾ ਕਿ ਮੇਰੇ ਸਿੰਘ ਸ਼ਸਤਰਧਾਰੀ ਹੋਣਗੇ, ਘੋੜਸਵਾਰੀ ਕਰਨਗੇ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਫਿਜ਼ਾ 'ਚ ਰਣਜੀਤ ਨਗਾਰੇ ਦੀ ਗੂੰਜ ਵੀ ਪਵੇਗੀ। ਇਸ ਫੈਸਲੇ ਨੇ ਮੁਗ਼ਲ ਹਕੂਮਤ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ। ਸਤਿਗੁਰਾਂ ਨੇ ਨਿੱਘਰ ਚੁੱਕੀ ਮਸੰਦ-ਪ੍ਰਥਾ ਨੂੰ ਖਤਮ ਕੀਤਾ ਅਤੇ ਸੰਨ 1699 ਈ: ਵਿਚ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਾਜਨਾ ਕਰਕੇ ਕੌਮ ਅੰਦਰ ਨਵੀਂ ਰੂਹ ਫੂਕੀ। ਇਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਭੰਗਾਣੀ, ਨਦੌਣ, ਹੁਸੈਨੀ ਆਦਿ ਧਰਮ ਯੁੱਧ ਵੀ ਲੜੇ, ਜਿਨ੍ਹਾਂ ਵਿਚ ਜਾਤ-ਅਭਿਮਾਨੀ ਪਹਾੜੀ ਰਾਜਿਆਂ ਨੂੰ ਕਰਾਰੀ ਮਾਤ ਦਿੱਤੀ : ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸਟ ਦੋਖੀਅਨਿ ਪਕਰਿ ਪਛਾਰੋ, ਸਦੀਆਂ ਤੋਂ ਮੁਗ਼ਲ ਬਾਦਸ਼ਾਹਾਂ ਦੀ ਗ਼ੁਲਾਮੀ ਦੇ ਮਾਹੌਲ ਵਿਚ ਹਿੰਦੁਸਤਾਨੀਆਂ ਦੀ ਸੋਚ ਸੰਸਾਰਕ ਸੁਖ-ਆਰਾਮ ਅਤੇ ਭੁੱਖ ਦੇ ਦੁਆਲੇ ਹੀ ਘੁੰਮਦੀ ਰਹੀ ਅਤੇ ਗ਼ੁਲਾਮੀ ਨੂੰ ਉਹ ਆਪਣੀ ਕਿਸਮਤ ਹੀ ਸਮਝਣ ਲੱਗ ਪਏ ਸਨ ਪਰ ਖੰਡੇ-ਬਾਟੇ ਦੇ 'ਅੰਮ੍ਰਿਤ' ਨੇ ਐਸੀ ਕਰਾਮਾਤ ਵਿਖਾਈ ਕਿ ਹਿੰਦੁਸਤਾਨ ਦਾ ਇਤਿਹਾਸ ਬਦਲ ਦਿੱਤਾ। ਅੰਮ੍ਰਿਤ ਨੇ ਸਿੰਘਾਂ ਨੂੰ ਐਸੀ ਸ਼ਕਤੀ ਬਖਸ਼ੀ ਕਿ ਇਕ-ਇਕ ਸਿੰਘ ਲੱਖਾਂ 'ਤੇ ਭਾਰੂ ਹੋ ਗਿਆ। ਆਪਣੇ ਨਿਆਰੇ ਖਾਲਸੇ ਪ੍ਰਤੀ ਪਾਤਸ਼ਾਹ ਦਾ ਫੁਰਮਾਨ ਸੀ : ਚਿੜੀਓਂ ਸੇ ਮੈਂ ਬਾਜ਼ ਤੁੜਾਊਂ। ਸਵਾ ਲਾਖ ਸੇ ਏਕ ਲੜਾਉਂ। ਰਾਠਨ ਕੇ ਸੰਗ ਰੰਕ ਲੜਾਊਂ। ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਧਰਮ ਦੇ ਮਹਾਂ ਯੁੱਧ ਵਿਚ ਗੁਰੂ ਸਾਹਿਬ ਜੀ ਨੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ, ਜੋ ਸੰਸਾਰ ਦੇ ਇਤਿਹਾਸ ਦੀ ਵਿਲੱਖਣ ਗਾਥਾ ਹੈ ਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਹੱਕ, ਸੱਚ 'ਤੇ ਪਹਿਰਾ ਦੇਣ, ਮਜ਼ਲੂਮਾਂ ਦੀ ਰੱਖਿਆ ਅਤੇ ਧਰਮ ਵਿਚ ਪ੍ਰਪੱਕ ਰਹਿਣ ਲਈ ਪ੍ਰੇਰਨਾ ਸ੍ਰੋਤ ਹੈ। ਮੌਜੂਦਾ ਸਮੇਂ ਵਿਚ ਅਸੀਂ ਆਪਣਾ ਵਿਲੱਖਣ ਕੌਮੀ ਵਿਰਸਾ ਅਤੇ ਸ਼ਾਨਾਮੱਤੇ ਇਤਿਹਾਸ ਨੂੰ ਭੁੱਲ ਕੇ ਗੁਰੂ ਸਾਹਿਬ ਵੱਲੋਂ ਦਰਸਾਏ ਹੱਕ ਸੱਚ ਦੇ ਮਾਰਗ ਤੋਂ ਦੂਰ ਹੁੰਦੇ ਜਾ ਰਹੇ ਹਾਂ। ਆਓ! ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਖੰਡੇ-ਬਾਟੇ ਦੀ ਪਾਹੁਲ ਛਕ ਕੇ ਇਕ ਨਰੋਏ ਸਮਾਜ ਦੀ ਸਿਰਜਣਾ, ਧਰਮ ਦੇ ਬੋਲ-ਬਾਲੇ ਅਤੇ ਦਸਮ ਪਿਤਾ ਵੱਲੋਂ ਦਰਸਾਏ ਮਾਰਗ ਦੇ ਪਾਂਧੀ ਬਣਨ ਲਈ ਪ੍ਰਣ ਕਰੀਏ। ਜਥੇ: ਅਵਤਾਰ ਸਿੰਘ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ