ਪੰਜਾਬੀ  ਹੈਰਲਡ
Punjabi  Herald Online Punjabi News Website
"Assume a Virtue, if you have it not."NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH
ਮੁੱਖ ਸੰਪਾਦਕ: ਹਰਜਿੰਦਰ ਸਿੰਘ ਬਸਿਆਲਾ 7:05 AM, ਮੰਗਲਵਾਰ 20 ਮਾਰਚ, 2018 ਨਾਨਕਸ਼ਾਹੀ ਸੰਮਤ 547 ਫੋਨ: 0064 21 02539830

ਬਾਲੀਵੁੱਡ

ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ....

News Photo

ਪੰਜਾਬੀਆਂ ਨੇ ਹਰ ਖੇਤਰ ਵਿਚ ਆਪਣੀ ਧਾਕ ਜਮਾਈ ਹੈ। ਪੰਜਾਬੀ ਲੋਕ, ਪੰਜਾਬੀ ਬੋਲੀ ਅਤੇ ਪੰਜਾਬੀ ਪਹਿਰਾਵਾ ਦੁਨੀਆਂ ਦੇ ਹਰ ਕੋਨੇ ਵਿਚ ਮੌਜੂਦ ਹਨ। ਜੇ ਪੁਰਾਣੇ ਦੌਰ ਦੀਆਂ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਆਪਣੀ ਪਹਿਚਾਣ ਸੀ ਬੇਸ਼ੱਕ ਉਸ ਜ਼ਮਾਨੇ ਵਿਚ ਪੰਜਾਬੀ ਫਿਲਮਾਂ ਦਾ ਬਜਟ ਬਹੁਤ ਹੀ ਸੀਮਤ ਹੋਣ ਕਾਰਨ ਜਿ਼ਆਦਾਤਰ ਸਟੂਡੀਓ ਵਿਚ ਹੀ ਫਿਲਮਾਈਆਂ ਜਾਂਦੀਆਂ ਸਨ। ਹਲਕੀ-ਫੁਲਕੀ ਕਹਾਣੀ ਦੇ ਬਾਵਜੂਦ ਸੰਗੀਤ ਪੱਖੋਂ ਸੰਪੂਰਨ ਹੁੰਦੀਆਂ ਸਨ। ਪੁਰਾਣੀਆਂ ਫਿਲਮਾਂ ਦਾ ਸੰਗੀਤ ਅੱਜ ਵੀ ਸੁਣਨ ਨੂੰ ਉਨਾਂ ਹੀ ਪਿਆਰਾ ਲੱਗਦਾ ਹੈ। ਲਤਾ ਮੰਗੇਸ਼ਕਰ ਦਾ ‘ਵਣਜਾਰਾ’ ਫਿਲਮ ਲਈ ਗਾਇਆ ਗੀਤ, ‘ਮੋਹ ਲਈ ਬੁਲਬੁਲ ਵਰਗੀ ਜੱਟੀ’ ਉਸ ਸਮੇਂ ਬਹੁਤ ਮਕਬੂਲ ਹੋਇਆ ਸੀ। ਇਸੇ ਤਰ੍ਹਾਂ ਹੋਰ ਫਿਲਮਾਂ ਦੇ ਗੀਤ ਆਪਣੇ-ਆਪਣੇ ਸਮੇਂ ਮਕਬੂਲ ਹੋਏ ਜਿਵੇਂ ਭੰਗੜੇ ਦੇ ਗੀਤ ਸ਼ਮਸ਼ਾਦ ਬੇਗਮ ਤੇ ਮੁਹੰਮਦ ਰਫੀ ਦੀ ਆਵਾਜ਼ ‘ਚ ‘ਰੱਬ ਨਾ ਕਰੇ ਜੇ ਚਲਾ ਜਾਵੇ ਤੂੰ ਵਿਛੜ ਕੇ’, ‘ਬੱਤੀ ਬਾਲ ਕੇ ਬਨੇਰੇ ਉਤੇ ਰੱਖਨੀ ਆਂ’, ‘ਜੱਟ ਕੁੜੀਆਂ ਤੋਂ ਡਰਦਾ ਮਾਰਾ’, ਹਾਏ ਨੀ ਮੇਰਾ ਬਾਲਮ’, ਫਿਲਮ ‘ਲੱਛੀ’ ਦੇ ਗੀਤ- ‘ਮੇਰੀ ਲੱਗਦੀ ਕਿਸੇ ਨਾ ਦੇਖੀ’, ‘ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ’, ‘ਸਤਲੁਜ ਦੇ ਕੰਢੇ’ ਦਾ ਗੀਤ, ਜੋ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਨੇ ਗਾਇਆ ਸੀ, ‘ਸੁਨ ਮੇਰੇ ਮਾਹੀ ਸਿਖ ਚਿਤ ਪ੍ਰਚਾਉਣਾ, ਐਡਾ ਵੱਡਾ ਹੋ ਕੇ ਵੀ ਇਆਣੇ ਦਾ ਇਆਣਾ’, ਫਿਲਮ ‘ਗੁੱਡੀ’ ਦਾ ਸ਼ਮਸ਼ਾਦ ਬੇਗਮ ਦਾ ਗਾਇਆ, ‘ਰੇਲ ਗੱਡੀਏ’, ਫਿਲਮ ‘ਮਾਮਾ ਜੀ’ ਦਾ ‘ਤੇਰੀ ਦੋ ਟਕਿਆ ਦੀ ਨੌਕਰੀ ਵੇ ਮੇਰਾ ਲੱਖਾਂ ਦਾ ਸਾਵਣ ਜਾਂਦਾ’ ਅਤੇ ਫਿਲਮ ‘ਕਣਕਾਂ ਦੇ ਉਹਲੇ’ ਦਾ ਗੀਤ ‘ਨੀ ਚੰਬੇ ਦੀਏ ਡਾਲੀਏ’ ਵਰਗੇ ਸਦਾ ਬਹਾਰ ਗੀਤ ਪੁਰਾਣੇ ਸੰਗੀਤ ਪ੍ਰੇਮੀਆਂ ਦੇ ਅੱਜ ਵੀ ਦਿਲ-ਦਿਮਾਗ ‘ਤੇ ਛਾਏ ਹੋਏ ਹਨ। ਫਿਲਮ ‘ਦੋ ਲੱਛੀਆਂ’ ਦਾ ਮਸ਼ਹੂਰ ‘ਤੇਰੀ ਕਣਕ ਦੀ ਰਾਖੀ ਮੁੰਡਿਆ ਵੇ ਹੁਣ ਮੈਂ ਨਾ ਬਹਿੰਦੀ’ ਗੀਤ ਦਾ ਤਾਂ ਗਿਧਾ-ਭੰਗੜਾ ਕਲਚਰਲ ਗਰੁਪਾਂ ਵਾਲੇ ਡੀ.ਜੇ. ‘ਤੇ ਖੂਬ ਰੀਮਿਕਸ ਵਜਾਉਂਦੇ ਹਨ। ਹਿੰਦੀ ਫਿਲਮ ਇੰਡਸਟਰੀ ‘ਚ ਪੰਜਾਬੀ ਮੂਲ ਦੇ ਨਿਰਦੇਸ਼ਕਾਂ ਦੀ ਬਹੁਤ ਭਰਮਾਰ ਰਹੀ ਹੈ। ਬੀ.ਆਰ. ਚੋਪੜਾ, ਯਸ਼ ਚੋਪੜਾ, ਵਿਜੇ ਅਨੰਦ, ਚੇਤਨ ਅਨੰਦ, ਭਾਖੜੀ ਬ੍ਰਦਰਜ਼, ਮਨੋਜ ਕੁਮਾਰ, ਮਹਿੰਦਰ ਸੰਧੂ, ਰਜਿੰਦਰ ਸਿੰਘ ਬੇਦੀ, ਆਈ ਐਸ ਜੌਹਰ, ਸੁਭਾਸ਼ ਘਈ, ਸੁਖਵੰਤ ਚੱਢਾ, ਮਨਮੋਹਨ ਸਿੰਘ, ਅਨਿਲ ਸ਼ਰਮਾ ਅਤੇ ਗੁਲਜ਼ਾਰ ਜਿਹੇ ਵੱਡੇ ਨਾਂ ਹਿੰਦੀ ਫਿਲਮਾਂ ‘ਚ ਛਾਏ ਰਹੇ ਹਨ ਜਿਨ੍ਹਾਂ ਦੇ ਬਿਹਤਰੀਨ ਨਿਰਦੇਸ਼ਨ ਸਦਕਾ ਪੰਜਾਬੀਅਤ ਦਾ ਝੰਡਾ ਬੁਲੰਦ ਰਿਹਾ ਹੈ ਪਰ ਜਿ਼ਆਦਾਤਰ ਨੇ ਪੰਜਾਬੀ ਫਿਲਮਾਂ ਨੂੰ ਘਾਟੇ ਦਾ ਸੌਦਾ ਸਮਝ ਕੇ ਪਾਸਾ ਹੀ ਵੱਟੀ ਰੱਖਿਆ। ਸੁਭਾਸ਼ ਘਈ ਵਰਗੇ ਸ਼ੋਅਮੈਨ ਵੀ ਕਦੇ ਪੰਜਾਬੀ ਫਿਲਮ ‘ਸ਼ੇਰਨੀ’ ‘ਚ ਹੀਰੋ ਆਏ ਸਨ। ਓਮ ਪ੍ਰਕਾਸ਼ ਨੇ ਰਾਜ ਬੱਬਰ, ਨਵੀਨ ਨਿਸ਼ਚਲ, ਠਾਕੁਰ ਕਿਰਨ ਸਿੰਘ (ਕਿਰਨ ਖੇਰ) ਅਤੇ ਪ੍ਰੀਤੀ ਸਪਰੂ ਜਿਹੇ ਸਥਾਪਤ ਕਲਾਕਾਰਾਂ ਨੂੰ ਲੈ ਕੇ ਪੰਜਾਬੀਆਂ ਲਈ ਇਕ ‘ਆਸਰਾ ਪਿਆਰ ਦਾ’ ਬਣਾਉਣ ਦਾ ਵਾਅਦਾ ਪੂਰਾ ਕੀਤਾ ਸੀ ਪਰ ਇਕ ਫਿਲਮ ਬਣਾਉਣ ਤੋਂ ਬਾਅਦ ਉਹ ਵੀ ਪਿੱਛੇ ਹੱਟ ਗਏ। ਪ੍ਰਿਥਵੀ ਰਾਜ ਕਪੂਰ ਵਰਗੇ ਮਹਾਨ ਕਲਾਕਾਰ, ਜਿਸਨੇ 1931 ਵਿਚ ਭਾਰਤ ਦੀ ਪਹਿਲੀ ਬੋਲਦੀ ਫਿਲਮ ‘ਆਲਮ ਆਰਾ’ ਵਿਚ ਕੰਮ ਕੀਤਾ ਅਤੇ ‘ਮੁਗਲ-ਏ-ਆਜ਼ਮ’ ਵਿਚ ਅਕਬਰ ਦੀ ਨਾ-ਭੁਲਣਯੋਗ ਨਿਭਾਈ ਭੂਮਿਕਾ, ਨੇ ਵੀ ਪੰਜਾਬੀ ਫਿਲਮ ‘ਮੇਲੇ ਮਿਤਰਾਂ ਦੇ’ ਅਤੇ ਗੋਲਡਨ ਜੁਬਲੀ ਸਦਾਬਹਾਰ ਫਿਲਮ ‘ਨਾਨਕ ਨਾਮ ਜਹਾਜ਼ ਹੈ’ ‘ਚ ਮੁਖ ਭੂਮਿਕਾ ਨਿਭਾਈ ਸੀ। ਸ਼ੁਰੂ ਸ਼ੁਰੂ ਵਿਚ ਪ੍ਰੇਮ ਚੋਪੜੇ ਨੇ ਵੀ ਪੰਜਾਬੀ ਫਿਲਮਾਂ ‘ਪ੍ਰਦੇਸਣ’, ‘ਇਹ ਧਰਤੀ ਪੰਜਾਬ ਦੀ’ ਅਤੇ ਰਾਸ਼ਟਰੀ ਐਵਾਰਡ ਜੇਤੂ ‘ਚੌਧਰੀ ਕਰਨੈਲ ਸਿੰਘ’ ‘ਚ ਮਦਨਪੁਰੀ ਨਾਲ ਕੰਮ ਕੀਤਾ। ਮਦਨਪੁਰੀ ਨੇ ਹੋਰ ਵੀ ਕਈ ਫਿਲਮਾਂ ‘ਕਿੱਕਲੀ’, ‘ਗੁੱਡੀ’, ‘ਦਾਜ’, ‘ਜੱਟ ਪੰਜਾਬੀ’, ਅਤੇ ‘ਮੌਜਾਂ ਡੁਬਈ ਦੀਆਂ’ ‘ਚ ਰੋਲ ਕੀਤੇ। ਰਵਿੰਦਰ ਕਪੂਰ ਵੀ ‘ਦੁਪੱਟਾ’, ‘ਕਣਕਾਂ ਦੇ ਓਹਲੇ’ ਅਤੇ ‘ਮੁਖੜਾ ਚੰਨ ਵਰਗਾ ‘ਚ ਚੰਗੀ ਅਦਾਕਾਰੀ ਕਰਕੇ ਜਾਣਿਆ ਜਾਂਦਾ ਰਿਹਾ। ਸੁਨੀਲ ਦੱਤ ਦੀ ਵੀ ਪੰਜਾਬੀ ਫਿਲਮਾਂ ਨੂੰ ਚੰਗੀ ਦੇਣ ਹੈ। ਉਸਨੇ ਧਾਰਮਿਕ ਫਿਲਮ ‘ਮਨ ਜੀਤੈ ਜਗਜੀਤ’ ਅਤੇ ‘ਸਤਿ ਸ੍ਰੀ ਅਕਾਲ’ ਵਿਚ ਬਹੁਤ ਹੀ ਵਧੀਆ ਅਦਾਕਾਰੀ ਕੀਤੀ। ਨਵੀਨ ਨਿਸ਼ਚਲ ਨੇ ‘ਤੇਰੇ ਰੰਗ ਨਿਆਰੇ’, ‘ਸਵਾ ਲਾਖ ਸੇ ਏਕ ਲੜਾਉਂ’, ‘ਸੱਜਣ ਠੱਗ’ ਅਤੇ ‘ਆਸਰਾ ਪਿਆਰ ਦਾ’ ਵਿਚ ਚੰਗੀ ਅਦਾਕਾਰੀ ਕੀਤੀ। ਬਲਰਾਜ ਸਾਹਨੀ ਨੇ ਵੀ ‘ਸਤਲੁਜ ਦੇ ਕੰਢੇ’ ਅਤੇ ‘ਨਾਨਕ ਦੁਖੀਆ ਸਭੁ ਸੰਸਾਰ’ ‘ਚ ਅਦਾਕਾਰੀ ਕੀਤੀ। ਸੁਜੀਤ ਕੁਮਾਰ ਨੇ ‘ਜਿੰਦੜੀ ਯਾਰ ਦੀ’ ਅਤੇ ‘ਗਿੱਧਾ’ ਫਿਲਮਾਂ ‘ਚ ਰੋਲ ਕੀਤੇ। ਕੁਲਭੂਸ਼ਨ ਖਰਬੰਦਾ ਨੇ ਤਾਂ ਰਾਸ਼ਟਰੀ ਐਵਾਰਡ ਜੇਤੂ ਫਿਲਮ ‘ਚੰਨ ਪ੍ਰਦੇਸੀ’ ‘ਉਚਾ ਦਰ ਬਾਬੇ ਨਾਨਕ ਦਾ’ ‘ਚ ਬਹੁਤ ਹੀ ਪ੍ਰਭਾਵਸ਼ਾਲੀ ਰੋਲ ਕੀਤੇ। ਜੈ ਮੁਖਰਜੀ ਨੇ ‘ਦੁਪੱਟਾ’ ਅਤੇ ਵਿਸ਼ਵਾਜੀਤ ਨੇ ਗੋਰੀ ਦੀਆਂ ਝਾਂਜਰਾ ‘ਚ ਰੋਲ ਕੀਤੇ। ਅਨਿਲ ਧਵਨ ਨੇ ਵੀ ‘ਦੋ ਪੋਸਤੀ’ ਅਤੇ ‘ਰੇਸ਼ਮਾ’ ‘ਚ ਰੋਲ ਕੀਤੇ। ਰਾਜ ਬੱਬਰ ਨੇ ‘ਚੰਨ ਪ੍ਰਦੇਸੀ’, ‘ਮੜ੍ਹੀ ਦਾ ਦੀਵਾ’ ਅਤੇ ‘ਨਸੀਬੋ’ ਵਗੈਰਾ ‘ਚ ਯਾਦਗਾਰੀ ਰੋਲ ਕੀਤੇ। ਰਾਜ ਬੱਬਰ ਤਾਂ ਅੱਜ ਦੀਆਂ ਫਿਲਮਾਂ ‘ਚ ਵੀ ਕਰੈਕਟਰ ਰੋਲ ਨਿਭਾ ਰਿਹਾ ਹੈ। ਆਈ ਐਸ ਜੌਹਰ ਦੀ ਪੰਜਾਬੀ ਫਿਲਮ ਜਗਤ ਨੂੰ ਬਹੁਤ ਦੇਣ ਹੈ ਜਿਸਨੇ ‘ਨਾਨਕ ਨਾਮ ਜਹਾਜ ਹੈ’ ਤੋਂ ਇਲਾਵਾ ‘ਯਮਲਾ ਜੱਟ’ ਜਿਹੀਆਂ ਫਿਲਮਾਂ ‘ਚ ਕਮਾਲ ਦੀ ਅਦਾਕਾਰੀ ਕੀਤੀ। ਆਪਣੇ ਸਮੇਂ ਦਾ ਮਸ਼ਹੂਰ ਖਲਨਾਇਕ ਪ੍ਰੇਮ ਨਾਥ ਨੇ ‘ਮੈਂ ਜੱਟੀ ਪੰਜਾਬ ਦੀ’ ਅਤੇ ‘ਸਤਿ ਸ੍ਰੀ ਅਕਾਲ’ ‘ਚ ਯਾਦਗਾਰੀ ਰੋਲ ਕੀਤੇ। ਵਿਨੋਦ ਮਹਿਰਾ ਨੇ ‘ਵੰਗਾਰ’, ‘ਸ਼ਹੀਦ ਊਧਮ ਸਿੰਘ’ ਅਤੇ ‘ਮੌਜਾਂ ਡੁਬਈ ਦੀਆਂ’ ‘ਚ ਵਧੀਆ ਅਦਾਕਾਰੀ ਕੀਤੀ। ਧੀਰਜ ਕੁਮਾਰ ‘ਦਾਜ’ ਤੋਂ ਇਲਾਵਾ ‘ਸੁਖੀ ਪਰਿਵਾਰ’, ‘ਰਾਂਝਾ ਇਕ ਤੇ ਹੀਰਾਂ ਦੋ’ ਅਤੇ ‘ਚੰਨ ਮਾਹੀ’ ਵਿਚ ਬਤੌਰ ਹੀਰੋ ਆਇਆ। ਮਨੋਹਰ ਦੀਪਕ ਵੀ ‘ਖੇਡਣ ਦੇ ਦਿਨ ਚਾਰ’, ‘ਗੀਤ ਬਹਾਰਾਂ ਦੇ’ ਅਤੇ ‘ਧਰਤੀ ਵੀਰਾਂ ਦੀ’ ‘ਫਿਲਮਾਂ ‘ਚ ਨਜ਼ਰ ਆਇਆ। ਉਂਜ ਇਨ੍ਹਾਂ ਤੋਂ ਇਲਾਵਾ ਪਹਿਲੀਆਂ ਪੁਰਾਣੀਆਂ ਪੰਜਾਬੀ ਫਿਲਮਾਂ ਲਈ ਨਿਸ਼ੀ, ਇੰਦਰਾ ਬਿੱਲੀ, ਸੁੰਦਰ, ਗੋਪਾਲ ਸਹਿਗਲ, ਰਵਿੰਦਰ ਕਪੂਰ, ਰਜਿੰਦਰ ਨਾਥ, ਮਨਮੋਹਨ ਕ੍ਰਿਸ਼ਨ, ਰਾਧਾ ਸਲੂਜਾ, ਮੁਮਤਾਜ ਬੇਗਮ ਅਤੇ ਖਰਾਇਤੀ ਵਰਗੇ ਕਲਾਕਾਰਾਂ ਦੀ ਪੰਜਾਬੀ ਫਿਲਮ ਜਗਤ ਨੂੰ ਬਹੁਤ ਦੇਣ ਹੈ। ਪੁਰਾਣੇ ਸਮਿਆਂ ‘ਚ ਸੀਮਤ ਬਜਟ ਕਾਰਨ ਨਿਰਮਾਤਾਵਾਂ ਨੂੰ ਮਾਰਕੀਟ ‘ਚ ਫਿਲਮ ਚਲਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤਣੇ ਪੈਂਦੇ ਸਨ। ਇਕ ਰਿਵਾਜ ਜਾਂ ਸਮਝੋ ਮਜਬੂਰੀ ਬਣ ਗਈ ਸੀ ਕਿ ਦਰਸ਼ਕਾਂ ਨੂੰ ਪੰਜਾਬੀ ਸਿਨੇਮੇ ਵਲ ਵਧ ਤੋਂ ਵਧ ਪ੍ਰਭਾਵਿਤ ਕਰਨ ਲਈ ਹਿੰਦੀ ਫਿਲਮਾਂ ਦੇ ਮਸ਼ਹੂਰ ਨਾਮੀ ਕਲਾਕਾਰਾਂ ਨੂੰ ਪੰਜਾਬੀ ਫਿਲਮਾਂ ‘ਚ ਗੈਸਟ ਰੋਲ ‘ਚ ਲੈ ਕੇ ਫਿਲਮ ਦੀ ਕਾਸਟਿੰਗ ਵਿਚ ਉਨ੍ਹਾਂ ਦਾ ਨਾਂ ਸਭ ਤੋਂ ਉਪਰ ਲਿਖਿਆ ਜਾਂਦਾ ਸੀ। ਦਰਸ਼ਕਾਂ ਨੂੰ ਪੰਜਾਬੀ ਸਿਨੇਮੇ ਵਲ ਖਿਚਣ ਲਈ ਸਭ ਤੋਂ ਵੱਡਾ ਨਾਂ ਧਰਮਿੰਦਰ ਦਾ ਆਉਂਦਾ ਹੈ ਜਿਸ ਨੇ ਅਣਗਿਣਤ ਫਿਲਮਾਂ ‘ਤੇਰੀ ਮੇਰੀ ਇਕ ਜਿੰਦੜੀ’, ‘ਦੁਖ ਭੰਜਨ ਤੇਰਾ ਨਾਮ’, ‘ਦੋ ਸ਼ੇਰ’, ‘ਗਿੱਧਾ’, ‘ਮੈਂ ਪਾਪੀ ਤੂੰ ਬਖਸ਼ਣਹਾਰ’, ‘ਸੰਤੋ-ਬੰਤੋ’, ‘ਪੁੱਤ ਜੱਟਾਂ ਦੇ’, ‘ਅੰਬਰੀ’, ‘ਰਾਂਝਣ ਮੇਰਾ ਯਾਰ’, ‘ਕੁਰਬਾਨੀ ਜੱਟ ਦੀ’ ਤੋਂ ਇਲਾਵਾ ਅਨੇਕਾਂ ਫਿਲਮਾਂ ‘ਚ ਗੈਸਟ ਰੋਲ ਕੀਤੇ। ‘ਕਣਕਾਂ ਦੇ ਓਹਲੇ’ ਵਿਚ ਤਾਂ ਅਭਿਨੇਤਰੀ ਆਸ਼ਾ ਪਾਰਿਖ ਨਾਲ ਇਕ ਗਾਣਾ ਵੀ ਫਿਲਮਾਇਆ ਗਿਆ ਸੀ। ਫਿਲਮ ‘ਭਗਤ ਧੰਨਾ ਜੱਟ’ ‘ਚ ਫਿਰੋਜ਼ ਖਾਨ ਅਤੇ ਯੋਗਿਤਾ ਬਾਲੀ ਤੇ ਗੀਤ ਫਿਲਮਾਇਆ ਗਿਆ ਸੀ। ਇਸੇ ਹੀ ਤਰਜ ‘ਤੇ ਦਾਰਾ ਸਿੰਘ ਦੀ ਦੂਸਰੀ ਫਿਲ