ਪੰਜਾਬੀ  ਹੈਰਲਡ
Punjabi  Herald Online Punjabi News Website
"Assume a Virtue, if you have it not."NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH
ਮੁੱਖ ਸੰਪਾਦਕ: ਹਰਜਿੰਦਰ ਸਿੰਘ ਬਸਿਆਲਾ 7:09 AM, ਮੰਗਲਵਾਰ 20 ਮਾਰਚ, 2018 ਨਾਨਕਸ਼ਾਹੀ ਸੰਮਤ 547 ਫੋਨ: 0064 21 02539830

ਸਦਾ ਨਵੇਂ-ਨਰੋਏ ਲੇਖ

ਕਿਸ਼ਤ ਦੂਜੀ-ਮੁਖਤਾਰਨ ਮਾਈ ਮਿੱਧਿਆ ਫੁੱਲ ਜੋ ਗੁਲਸ਼ਨ ਬਣਿਆ

News Photo

ਜਦ ਕਿ ਇਕ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ। ਮੁਖਤਾਰ ਬੀਬੀ ਨੇ ਬਰੀ ਹੋਏ ਦੋਸ਼ੀਆਂ ਤੋਂ ਪੈਦਾ ਹੋਏ ਖ਼ਤਰੇ ਬਾਰੇ ਪਾਕਿਸਤਾਨ ਸਰਕਾਰ ਨੂੰ ਲਿਖਿਆ। 11 ਮਾਰਚ, 2005 ਨੂੰ ਪਾਕਿਸਤਾਨ ਦੀ ਇਸਲਾਮਿਕ ਸਰਬ-ਉਚ ਸ਼ਰੀਆ ਅਦਾਲਤ ਨੇ ਲਾਹੌਰ ਹਾਈ ਕੋਰਟ ਦਾ ਫ਼ੈਸਲਾ ਰੱਦ ਕਰ ਦਿੱਤਾ ਅਤੇ ਇਹ ਕੇਸ ਖੁਦ ਲੜਨ ਦਾ ਫ਼ੈਸਲਾ ਕੀਤਾ। 14 ਮਾਰਚ ਨੂੰ ਸੁਪਰੀਮ ਕੋਰਟ ਨੇ ਇਸ ਕੇਸ ਦੀ ਆਖ਼ਰੀ ਸੁਣਵਾਈ ਦੀ ਅਪੀਲ ਮੰਨ ਲਈ ਅਤੇ ਨਾਲ ਹੀ 5 ਰਿਹਾਅ ਕਰ ਦਿੱਤੇ। 15 ਮਾਰਚ ਨੂੰ 4 ਦੋਸ਼ੀ ਛੱਡ ਦਿੱਤੇ ਗਏ ਜਦ ਕਿ ਇਕ ਨੂੰ ਇਕ ਹੋਰ ਮਾਮਲੇ ਵਿਚ ਫਸੇ ਹੋਣ ਕਰਕੇ ਦੋ ਦਿਨ ਬਾਅਦ ਛੱਡਿਆ ਗਿਆ। 17 ਮਾਰਚ ਨੂੰ ਮੁਖਤਾਰ ਮਾਈ ਨੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੂੰ ਛੱਡੇ ਗਏ ਦੋਸ਼ੀ ਮੁੜ ਫੜਨ ਲਈ ਅਪੀਲ ਕੀਤੀ। 18 ਮਾਰਚ ਨੂੰ ਪੰਜੇ ਦੋਸ਼ੀ ਅਤੇ ਪਹਿਲਾਂ ਛੱਡੇ ਗਏ 8 ਦੋਸ਼ੀ ਵੀ ਮੁੜ ਗ੍ਰਿਫ਼ਤਾਰ ਕਰ ਲਏ ਗਏ। 26 ਮਾਰਚ ਨੂੰ ਮੁਖਤਾਰ ਮਾਈ ਨੇ ਸੁਪਰੀਮ ਕੋਰਟ ਵਿਚ ਪੰਜੇ ਦੋਸ਼ੀਆਂ ਖਿਲਾਫ਼ ਜਾਚਿਕਾ ਦਾਇਰ ਕੀਤੀ। 11 ਜੂਨ ਨੂੰ ਜਦੋਂ ਇਸ ਨੇ ਅਮਰੀਕਾ ਦਾ ਵੀਜ਼ਾ ਲੈਣਾ ਚਾਹਿਆ ਤਾਂ ਇਸ ਨੂੰ ਬਾਹਰ ਜਾਣ ਤੋਂ ਮਨ੍ਹਾ ਕਰ ਦਿੱਤਾ ਗਿਆ। 13 ਜੂਨ ਨੂੰ 12 ਦੋਸ਼ੀਆਂ ਦੀ ਕਿਸੇ ਜ਼ਮਾਨਤ ਨਾ ਦਿੱਤੀ। 14 ਜੂਨ ਨੂੰ ਮੁਖਤਾਰ ਬੀਬੀ ਪ੍ਰਧਾਨ ਮੰਤਰੀ ਦੇ ਸਹਾਇਕ ਨਾਲ ਮਿਲੀ ਅਤੇ ਬਾਹਰ ਜਾਣ ਤੋਂ ਰੋਕੇ ਜਾਣ ਬਾਰੇ ਪੁਛਿਆ। ਸਰਕਾਰ ਦਾ ਕਹਿਣਾ ਸੀ ਕਿ ਤੁਹਾਡੇ ਬਾਹਰ ਜਾਣ ਨਾਲ ਸਾਡੇ ਦੇਸ਼ ਦੀ ਇੱਜ਼ਤ ਖਰਾਬ ਹੁੰਦੀ ਹੈ। 15 ਜੂਨ ਨੂੰ ਅਮਰੀਕੀ ਵੀਜ਼ਾ ਅਰਜ਼ੀ ਘਰ 'ਚੋਂ ਇਸ ਨੇ ਆਪਣੀ ਅਰਜ਼ੀ ਵਾਪਸ ਲੈ ਲਈ। ਇਸ ਤੋਂ ਬਾਅਦ ਇਸ ਦਾ ਨਾਂਅ ਉਸ ਲਿਸਟ ਵਿਚੋਂ ਕੱਟ ਦਿੱਤਾ ਗਿਆ ਜਿਨ੍ਹਾਂ ਉੱਤੇ ਬਾਹਰ ਜਾਣ ਦੀ ਰੋਕ ਲੱਗੀ ਹੋਈ ਹੈ ਅਤੇ ਪਾਸਪੋਰਟ ਰੱਖ ਲਿਆ ਗਿਆ। 18 ਜੂਨ ਨੂੰ ਸੁਪਰੀਮ ਕੋਰਟ ਨੇ ਇਸ ਕੇਸ ਦੀ ਸੁਣਵਾਈ 27 ਜੂਨ 'ਤੇ ਪਾ ਦਿੱਤੀ। 27 ਜੂਨ ਨੂੰ ਕੇਸ ਦੀ ਪੈਰਵਾਈ ਸ਼ੁਰੂ। 28 ਜੂਨ ਨੂੰ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸਾਰੇ ਦੋਸ਼ੀਆਂ ਨੂੰ ਮੁੜ ਗ੍ਰਿਫ਼ਤਾਰ ਕਰਕੇ ਦੁਬਾਰਾ ਕਾਰਵਾਈ ਕੀਤੀ ਜਾਏ। ਮੁਖਤਾਰ ਮਾਈ ਨੂੰ ਉਸ ਦਾ ਪਾਸਪੋਰਟ ਵੀ ਵਾਪਿਸ ਕਰ ਦਿੱਤਾ ਗਿਆ। ਇਹ ਤਾਂ ਸੀ ਮੁਖਤਾਰ ਮਾਈ ਨਾਲ ਬੀਤੀ ਕਹਾਣੀ। ਇਸ ਤਰ੍ਹਾਂ ਦੀਆਂ ਅਨੇਕਾਂ ਹੋਰ ਦਿਲ ਕੰਬਾਊ ਘਟਨਾਵਾਂ ਪਾਕਿਸਤਾਨ ਦੇ ਕੁਝ ਕਬੀਲਿਆਂ ਵਿਚ ਨਿੱਤ ਵਰਤਦੀਆਂ ਹਨ। ਅੰਕੜਿਆਂ ਮੁਤਾਬਿਕ 2004 ਵਿਚ ਅਜਿਹੀਆਂ 150 ਹੋਰ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਇਸ ਸਭ ਦੇ ਬਾਵਜੂਦ ਮੁਖਤਾਰ ਮਾਈ ਹੋਰ ਬਹੁਤ ਸਾਰੀਆਂ ਪ੍ਰਸਿਥੀਆਂ ਵਿਚੋਂ ਵੀ ਗੁਜ਼ਰੀ ਹੈ। ਇਕ ਅਦਾਲਤੀ ਫ਼ੈਸਲੇ ਤੋਂਂ ਬਾਅਦ ਮੁਖਤਾਰ ਮਾਈ ਨੂੰ 5 ਲੱਖ ਰੁਪਏ ਦੇ ਕਰੀਬ ਮਾਇਕ ਸਹਾਇਤਾ ਮਿਲੀ ਸੀ। ਰਾਸ਼ਟਪਰਤੀ ਨੇ ਇਸ ਦੀ ਜਾਨ-ਮਾਲ ਦੀ ਰਾਖੀ ਲਈ ਵੀ ਉਪਰਾਲੇ ਕੀਤੇ ਹਨ ਅਤੇ ਇਸ ਨੂੰ ਸਲਾਹ ਵੀ ਦਿੱਤੀ ਹੈ ਕਿ ਇਸ ਮਾਮਲੇ ਨੂੰ ਰਫ਼ਾ-ਦਫ਼ਾ ਕਰ ਦਿੱਤਾ ਜਾਵੇ ਤਾਂ ਕਿ ਪਾਕਿਸਤਾਨ ਨੂੰ ਹੋਰਨਾਂ ਮੁਲਕਾਂ ਵਿਚ ਇਸ ਘਿਨਾਉਣੇ ਕਾਰੇ ਲਈ ਬੇਇੱਜ਼ਤ ਨਾ ਹੋਣਾ ਪਵੇ। ਮੁਖਤਾਰ ਬਾਈ ਨੂੰ ਕਈ ਬਾਹਰਲੇ ਮੁਲਕਾਂ ਤੋਂ ਇਸਤਰੀ ਕਾਨਫ਼ਰੰਸਾਂ ਵਿਚ ਹਿੱਸਾ ਲੈਣ ਲਈ ਸੱਦਾ ਪੱਤਰ ਮਿਲ ਰਹੇ ਹਨ ਪਰ ਸਥਾਨਕ ਸਰਕਾਰ ਨੇ ਉਸ ਦੇ ਬਾਹਰ ਜਾਣ 'ਤੇ ਪਾਬੰਦੀ ਵੀ ਲਾਈ ਹੋਈ ਹੈ। ਇਸ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਸੀ ਜੋ ਕਿ ਅੱਜਕਲ੍ਹ ਵਾਪਸ ਕਰ ਦਿੱਤਾ ਗਿਆ ਹੈ। ਇਸ ਦੇ ਘਰ ਮਰਦਾਨਾ ਅਤੇ ਜ਼ਨਾਨਾ ਪੁਲਿਸ ਦਾ ਪਹਿਰਾ ਹੈ। ਇਸ ਨੂੰ ਆਮ ਲੋਕਾਂ ਨਾਲ ਮਿਲਣ ਨਹੀਂ ਦਿੱਤਾ ਜਾਂਦਾ। ਇਸ ਦੇ ਬਾਵਜੂਦ ਇਸ ਦੇ ਫੋਨ ਉÎੱਤੇ ਹਰ ਰੋਜ਼ ਹਜ਼ਾਰਾਂ ਹਮਦਰਦੀ ਭਰੇ ਅਤੇ ਮੀਡੀਆ ਨਾਲ ਸਬੰਧਿਤ ਲੋਕਾਂ ਦੇ ਫੋਨ ਆ ਰਹੇ ਹਨ। ਐਨਾ ਕੁਝ ਸਹਿਣ ਦੇ ਬਾਵਜੂਦ ਇਸ ਨੇ ਸਰਕਾਰ ਵੱਲੋਂ ਮਿਲੇ ਪੈਸਿਆਂ ਲਗਪਗ 5 ਲੱਖ ਰੁਪਏ ਅਤੇ ਹੋਰ ਗੈਰ ਸਰਕਾਰੀ ਸੰਸਥਾਵਾਂ (ਐਨ. ਜ਼ੀ. ਓ.) ਤੋਂ ਮਿਲ ਰਹੇ ਪੈਸੇ ਨਾਲ ਆਪਣੇ ਹੀ ਪਿੰਡ ਵਿਚ ਜਿਥੇ ਪਹਿਲਾਂ ਸਕੂਲ ਹੀ ਨਹੀਂ ਸੀ, ਇਕ ਨਹੀਂ ਸਗੋਂ ਦੋ ਸਕੂਲ ਖੋਲ੍ਹੇ ਹਨ। ਇਕ ਸਕੂਲ ਕੁੜੀਆਂ ਵਾਸਤੇ ਅਤੇ ਇਕ ਮੁੰਡਿਆ ਵਾਸਤੇ ਹੈ। ਸਕੂਲ ਨੂੰ ਪੂਰਾ ਕਰਨ ਲਈ ਉਸਨੇ ਆਪਣੇ ਵਿਆਹ ਵਾਸਤੇ ਜੋੜੇ ਜ਼ੇਵਰ ਵੀ ਵੇਚ ਛੱਡੇ ਹਨ। ਇਸ ਸਕੂਲ ਵਿਚ ਇਹ ਖੁਦ ਵੀ ਧਾਰਮਿਕ ਕਲਾਸ ਲਗਾਉਂਦੀ ਹੈ ਅਤੇ ਕੁਰਾਨ ਦੀ ਸਿੱਖਿਆ ਦਿੰਦੀ ਹੈ ਜਦ ਕਿ ਇਹ ਆਪ ਬਹੁਤਾ ਪੜ੍ਹੀ-ਲਿਖੀ ਨਹੀਂ। ਖਾਸ ਗੱਲ ਇਹ ਹੈ ਕਿ ਇਸੇ ਸਕੂਲ ਵਿਚ ਕੁਝ ਕੁ ਦੋਸ਼ੀਆਂ ਦੇ ਬੱਚੇ ਵੀ ਪੜ੍ਹਦੇ ਹਨ ਜਿਵੇਂ ਕਿ ਰਮਜ਼ਾਨ ਪਾਸ਼ਰ ਦੀ ਧੀ ਬਿਨਾਂ ਭੇਦਭਾਵ ਦੇ ਇਸੇ ਸਕੂਲ 'ਚ ਪੜ੍ਹਦੀ ਹੈ। ਇਸ ਤੋਂ ਇਲਾਵਾ ਮੁਖਤਾਰ ਮਾਈ ਨੇ ਇਕ ਸਿਹਤ ਕਲੀਨਿਕ ਵੀ ਖੋਲ੍ਹਿਆ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਨੇ ਮੁਖਤਾਰ ਮਾਈ ਨੂੰ ਕਿਸੇ ਹੋਰ ਸ਼ਹਿਰ ਵਿਚ ਆਲੀਸ਼ਾਨ ਮਕਾਨ ਅਤੇ ਹੋਰ ਸਹੂਲਤਾਂ ਦੀ ਪੇਸਕਸ਼ ਕੀਤੀ ਸੀ ਪਰ ਇਸ ਨੇ ਆਪਣਾ ਪਿੰਡ ਨਹੀਂ ਛੱਡਿਆ, ਜਿਥੇ ਕਿ ਗੈਸ ਅਤੇ ਬਿਜਲੀ ਆਦਿ ਦਾ ਵੀ ਪ੍ਰਬੰਧ ਨਹੀਂ ਹੈ। ਇਹ ਸਾਰਾ ਕੁਝ ਜਦੋਂ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਤਾਂ ਇੰਝ ਲਗਦਾ ਹੈ ਕਿ ਜਿਵੇਂ ਇਕ ਮਿੱਧਿਆ ਹੋਇਆ ਫੁੱਲ ਇਕ ਕਾਲੀ ਹਨ੍ਹੇਰੀ ਰਾਤ ਤੋਂ ਬਾਅਦ ਨਵੇਂ ਸੂਰਜ ਦੀ ਰੋਸ਼ਨੀ ਵਿਚ ਸਵੇਰ ਵੇਲੇ ਉੱਠ ਖੜ੍ਹਾ ਹੋਇਆ ਹੋਵੇ। ਕਈ ਲੇਖਕਾਂ ਨੇ ਤਾਂ ਮੁਖਤਾਰ ਮਾਈ ਬਾਰੇ ਵੈਬ ਸਾਈਟ ਵੀ ਤਿਆਰ ਕਰਕੇ ਇੰਟਰਨੈੱਟ 'ਤੇ ਲਾਂਚ ਕੀਤੀ ਹੋਈ ਹੈ। ਅੱਜ ਮੁਖਤਾਰ ਮਾਈ ਨਾਲ ਵਿਆਹ ਕਰਾਉਣ ਬਾਰੇ ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਹੈ ਪਰ ਮੁਖਤਾਰ ਦਾ ਕਹਿਣਾ ਹੈ ਕਿ ਇਹ ਸਭ ਉਸ ਨੂੰ ਮਿਲ ਰਹੇ ਪੈਸੇ ਅਤੇ ਸਸਤੀ ਸ਼ੋਹਰਤ ਲੈਣ ਲਈ ਕਹਿ ਰਹੇ ਹਨ। ਜਦੋਂ ਉਨ੍ਹਾਂ ਨੂੰ ਇਹ ਪੁਛਿਆ ਜਾਂਦਾ ਹੈ ਕਿ ਕੀ ਤੁਸੀਂ ਪਿੰਡ ਵਿਚ ਰਹੋਗੇ ਤਾਂ ਉਹ ਨਾਂਹ-ਨੁੱਕਰ ਵਾਲਾ ਜਵਾਬ ਦੇ ਦਿੰਦੇ ਹਨ। ਮੁਖਤਾਰ ਮਾਈ ਨੇ ਆਪਣੇ ਵੱਲੋਂ ਖੋਲ੍ਹੇ ਗਏ ਸਕੂਲ ਵਿਚ ਬੱਚਿਆਂ ਨੂੰ 'ਮੈਂ ਅਨਪੜ੍ਹਤਾ ਖ਼ਤਮ ਕਰਨਾ ਚਾਹੁੰਦੀ ਹਾਂ' (“I want to kill illiteracy”) ਦਾ ਨਾਅਰਾ ਦਿੱਤਾ ਹੈ। ਪਿਛਲੇ ਸਾਲ 15 ਮਾਰਚ ਨੂੰ ਮੁਖਤਾਰਨ ਮਾਈ ਨੇ ਇਕ ਪੁਲਿਸ ਕਾਂਸਟੇਬਲ ਨਾਲ ਵਿਆਹ ਕਰਵਾ ਕੇ ਨਹੀਂ ਜ਼ਿੰਦਗੀ ਸ਼ੁਰੂ ਕੀਤੀ ਹੋਈ ਹੈ। ਮੁਖਤਾਰਨ ਮਾਈ ਨੂੰ ਅਨੇਕਾਂ ਬਹਾਦਰੀ ਪੁਰਸਕਾਰ ਤੇ ਦੇਸ਼ ਵਿਦੇਸ਼ ਤੋਂ ਸਨਮਾਨ ਪੱਤਰ ਮਿਲ ਚੁੱਕੇ ਹਨ। -ਹਰਜਿੰਦਰ ਸਿੰਘ ਬਸਿਆਲਾ (ਇਹ ਲੇਖ 'ਅਜੀਤ' ਸੰਡੇ ਮੈਗਜ਼ੀਨ ਦੇ ਫਰੰਟ ਪੇਜ਼ 'ਤੇ ਛਪਿਆ ਸੀ)