ਇਹ ਹੈ ਵਿਸ਼ਵ ਦਾ ਸਭ ਤੋਂ ਵੱਡਾ ਮੁਰਗਾ?

ਪਿਆਰੇ ਬੱਚਿਉ! ਕੁੱਕੜ ਤਾਂ ਤੁਸੀਂ ਦੇਖੇ ਵੀ ਹੋਣਗੇ ਅਤੇ ਕਈ ਮਾਸਾਹਾਰੀ ਬੱਚਿਆ ਨੇ ਮੀਟ ਬਣਾ ਕੇ ਖਾਧੇ ਵੀ ਹੋਣਗੇ ਪਰ ਬੱਚਿਉ! ਇਹ ਕੁੱਕੜ ਦੇਖਣ ਨੂੰ ਇਕੋ ਜਿਹੇ ਲਗਦੇ ਹਨ ਪਰ ਇਨ੍ਹਾਂ ਦੀਆਂ ਵੀ ਸੈਂਕੜੇ ਕਿਸਮਾਂ ਹਨ। ਸਾਇੰਸਦਾਨਾਂ ਨੇ ਇਨ੍ਹਾਂ ਦੀਆਂ ਨਸਲਾਂ ਵਿਚ ਸੋਧ ਕਰਕੇ ਸੁੰਦਰ ਅਤੇ ਪਾਲਤੂ ਕੁੱਕੜ ਬਣਾਏ ਹਨ। ਇਹ ਕੁੱਕੜ ਪੂਰੇ ਵਿਸ਼ਵ ਵਿਚ ਪਾਏ ਜਾਂਦੇ ਹਨ ਅਤੇ ਚਿਕਨ ਦੇ ਰੂਪ ਵਿਚ ਖਾਧੇ ਜਾਂਦੇ ਹਨ। ਜਿਵੇਂ ਖੇਤੀਬਾੜੀ ਲਈ ਫਾਰਮ ਹੁੰਦੇ ਹਨ ਉਸੇ ਤਰ੍ਹਾਂ ਕੁੱਕੜਾਂ ਦੇ ਵੀ ਫਾਰਮ ਹੁੰਦੇ ਹਨ। ਆਮ ਤੌਰ 'ਤੇ ਇਨ੍ਹਾਂ ਨੂੰ ਪੋਲਟਰੀ ਫਾਰਮ ਕਿਹਾ ਜਾਂਦਾ ਹੈ। ਭਾਰਤ ਵਿਚ ਪੋਲਟਰੀ ਫਾਰਮ ਦਾ ਇਤਿਹਾਸ ਲਗਪਗ 5000 ਸਾਲ ਪੁਰਾਣਾ ਹੈ। ਆਂਡਿਆ ਦੇ ਉਤਪਾਦਨ ਵਿਚ ਭਾਰਤ ਵਿਸ਼ਵ ਦਾ ਚੌਥਾ ਅਤੇ ਬ੍ਰਾਇਲਰ ਪੈਦਾਕਰਨ ਵਿਚ ਅੱਠਵਾਂ ਸਥਾਨ ਰੱਖਦਾ ਹੈ। ਭਾਰਤ ਦੇ 80 ਪ੍ਰਤੀਸ਼ਤ ਲੋਕ ਮਾਸਾਹਾਰੀ ਮੰਨੇ ਜਾਂਦੇ ਹਨ। ਪੋਲਟਰੀ ਫਾਰਮਾਂ ਵਿਚ ਆਂਡੇ ਦੇਣ ਵਾਲੀਆਂ ਮੁਰਗੀਆਂ ਅਤੇ ਮੀਟ ਦੇ ਵਾਸਤੇ ਮੁਰਗੇ (ਬ੍ਰਾਇਲਰ) ਪੈਦਾ ਕੀਤੇ ਜਾਂਦੇ ਹਨ। ਆਧੁਨਿਕ ਨਸਲ ਦੇ ਬ੍ਰਾਇਲਰ ਮਹੀਨੇ ਦੇ ਵਿਚ-ਵਿਚ ਤਿਆਰ ਹੋ ਜਾਂਦੇ ਹਨ। ਇੰਗਲੈਂਡ ਦਾ ਕੌਰਨਿਸ਼, ਅਮਰੀਕਾ ਦਾ ਲੈੱਗਹੌਰਨ ਅਤੇ ਭਾਰਤ ਦਾ ਬ੍ਰਹੱਮਾ ਨਸਲ ਦਾ ਬ੍ਰਾਇਲਰ ਕਾਫੀ ਪ੍ਰਸਿੱਧ ਹੈ।
ਪਹਿਲਾਂ -ਪਹਿਲ ਆਂਡੇ ਖਾਣ ਦੇ ਸ਼ੌਕੀਨਾਂ ਨੇ ਘਰਾਂ ਵਿਚ ਦੇਸੀ ਮੁਰਗੀਆਂ ਰੱਖੀਆਂ ਹੁੰਦੀਆਂ ਸਨ ਪਰ ਅੱਜਕਲ੍ਹ ਇਹ ਰਿਵਾਜ਼ ਘੱਟ ਗਿਆ ਹੈ। ਕਈ ਦੇਸ਼ਾਂ ਵਿਚ ਮੁਰਗਿਆਂ ਦੀ ਲੜਾਈ ਇਕ ਖੇਡ ਦੀ ਤਰ੍ਹਾਂ ਕਰਵਾਈ ਜਾਂਦੀ ਹੈ। ਇੰਗਲੈਂਡ ਵਿਚ ਮੁਰਗਿਆਂ ਦੀ ਲੜਾਈ 1849 ਵਿਚ ਕਾਨੂੰਨੀ ਤੌਰ ਤੇ ਬੰਦ ਕਰ ਦਿੱਤੀ ਗਈ ਸੀ ਜਦ ਕਿ ਇਸ ਤੋਂ ਬਾਅਦ ਬਹੁਤ ਸਾਰੇ ਹੋਰ ਦੇਸ਼ਾਂ ਨੇ ਵੀ ਬੰਦ ਕਰ ਦਿਤੀ ਹੋਈ ਹੈ। ਅਫ਼ਗ਼ਾਨਿਸਤਾਨ ਵਿਚ ਇਹ ਲੜਾਈ ਕਾਫੀ ਮਸ਼ਹੂਰ ਹੈ। ਇਨ੍ਹਾਂ ਮੁਰਗੀਆਂ ਬਾਰੇ ਕੁਝ ਹੋਰ ਜਾਣਕਾਰੀ ਇਸ ਤਰ੍ਹਾਂ ਹੈ:- ਇਕ ਆਮ ਮੁਰਗੀ ਮੁਰਗੇ ਨਾਲ ਮੇਟਿੰਗ ਤੋਂ ਬਾਅਦ 24 ਘੰਟੇ ਦੇ ਵਿਚ ਆਂਡਾ ਪੈਦਾ ਕਰ ਸਕਦੀ ਹੈ ਜਦ ਕਿ ਇਨ੍ਹਾਂ ਆਂਡਿਆ ਵਿਚੋਂ 21 ਦਿਨਾਂ ਤੱਕ ਚੂਚੇ ਪੈਦਾ ਹੋ ਜਾਂਦੇ ਹਨ। ਚੂਚੇ ਪੈਦਾ ਕਰਨ ਦੇ ਲਈ ਅੰਡਿਆਂ ਨੂੰ 380 ਡਿਗਰੀ ਤੱਕ ਤਾਪਮਾਨ ਵਿਚ ਰੱਖਣਾ ਪੈਂਦਾ ਹੈ। ਇਹ ਕੰਮ ਮੁਰਗੀ ਅੰਡਿਆ ਦੇ ਉੱਪਰ ਬੈਠ ਕੇ ਆਪਣੇ ਸਰੀਰ ਦੀ ਗਰਮਾਇਸ਼ ਨਾਲ ਕਰਦੀ ਹੈ, ਕਈ ਵਾਰ ਮੁਰਗਾ ਵੀ ਇਸ ਕੰਮ ਵਿਚ ਸਹਾਇਤਾ ਕਰਦਾ ਹੈ। ਅੱਜਕਲ੍ਹ ਆਂਡਿਆਂ ਵਿੱਚੋਂ ਚੂਚੇ ਪੈਦਾ ਕਰਨ ਵਾਸਤੇ ਮਸ਼ੀਨਾਂ ਵੀ ਆ ਗਈਆਂ ਹਨ ਜਿਨ੍ਹਾਂ ਦੀ ਸਹਾਇਤਾ ਅੰਡਿਆਂ ਨੂੰ ਤਾਪਮਾਨ ਮੁਹੱਈਆ ਕਰਵਾ ਕੇ ਚੂਚੇ ਪੈਦਾ ਕਰ ਲਏ ਜਾਂਦੇ ਹਨ। ਇਹ ਚੂਚੇ ਅੱਜਕਲ੍ਹ ਰੰਗ-ਬਿਰੰਗੇ ਵੀ ਪੈਦਾ ਕੀਤੇ ਜਾ ਸਕਦੇ ਹਨ। ਮੁਰਗੀਆ ਅਤੇ ਮੁਰਗਿਆਂ ਦਾ ਆਕਾਰ, ਵੱਖ-ਵੱਖ ਨਸਲਾਂ ਉੱਤੇ ਨਿਰਭਰ ਕਰਦਾ ਹੈ। ਮੁਰਗਿਆ ਦੇ ਸਿਰ ਉੱਤੇ ਲਾਲ ਰੰਗ ਦੀ ਵੱਡੀ ਕਲਗੀ ਹੁੰਦੀ ਹੈ ਜਦ ਕਿ ਮੁਰਗੀਆ ਦੇ ਸਿਰ ਉੱਤੇ ਬਹੁਤ ਛੋਟੀ ਜਾਂ ਕਈ ਵਾਰ ਨਹੀਂ ਵੀ ਹੁੰਦੀ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਦੁਨੀਆ ਦਾ ਜੋ ਸਭ ਤੋਂ ਵੱਡਾ ਮੁਰਗਾ ਸੀ ਉਹ ਆਦਮੀ ਦੇ ਕੱਦ ਦੇ ਬਰਾਬਰ ਦਾ ਸੀ। ਇਹ ਕਈ ਸਾਲ ਪਹਿਲਾਂ ਕਿਸੇ ਬਾਹਰਲੇ ਦੇਸ਼ ਵਿਚ ਮਿਲਿਆ ਸੀ। ਇਸ ਬਾਰੇ ਲੋਕਾਂ ਨੂੰ ਉਦੋਂ ਪਤਾ ਲੱਗਾ ਜਦੋਂ ਇਸ ਦੀ ਇਕ ਆਦਮੀ ਦੇ ਨਾਲ ਇਸ ਦੀ ਤਸਵੀਰ ਇੰਟਰਨੈੱਟ ਉੱਤੇ ਦੇਖਣ ਨੂੰ ਮਿਲੀ। ਇਸ ਤਸਵੀਰ ਨੂੰ ਦੇਖ ਕੇ ਕਈ ਲੋਕਾ ਨੇ ਸ਼ੰਕਾ ਵੀ ਜਿਤਾਈ ਕਿ ਇਹ ਤਸਵੀਰ ਸ਼ਾਇਦ ਕੈਮਰੇ ਦਾ ਟਰਿੱਕ ਹੋ ਸਕਦੀ ਹੈ।